ਚਲ... ਕੋਈ ਨਾ

ਗੱਲ ਪੂਰੀ ਕਰਕੇ ਕਹਿੰਦਾ

ਗੱਲ ਤਾਂ ਅਜੇ ਹੋਈ ਨਾ

ਚਲ...ਕੋਈ ਨਾ।


ਮੱਥਾ ਮੇਰਾ ਚੁੰਮ ਕੇ ਤੁਰ ਗਿਆ

ਰੂਹ ਤਾਂ ਹਾਲੇ ਤੱਕ ਛੋਹੀ ਈ ਨਾ

ਚਲ... ਕੋਈ ਨਾ।


ਨਾਲ ਮਰਨ ਦਾ ਵਾਅਦਾ ਕਰ ਗਿਆ

ਨਾਲ ਜਿਉਣ ਦੀ ਗੱਲ ਤਾਂ ਹੋਈ ਨਾ

ਚਲ...ਕੋਈ ਨਾ।


ਮੇਰਿਆਂ ਰੋਣਿਆਂ ਨੂੰ ਆਪਣਾ ਕਹਿ ਗਿਆ

ਜੀਹਨੇ ਦੁੱਖਾਂ ਦੀ ਪੰਡ ਕਦੇ ਢੋਈ ਨਾ

ਚਲ...ਕੋਈ ਨਾ।


ਤੂੰ ਆਖਿਆ ਸੀ ਨਾ "ਜਿਵੇਂ ਹੈਂ ਉਵੇਂ ਰਹੀਂ"

ਦੇਖ ਸਾਦਗੀ ਮੈਂ ਅਜੇ ਵੀ ਖੋਈ ਨਾ

ਚਲ... ਕੋਈ ਨਾ।


ਤੇਰੇ ਬੁੱਲ੍ਹਾਂ ਨਾਲ ਜੋ ਛੋਹੀ ਸੀ

ਮੈਂ ਬਾਟੀ ਅੱਜ ਤੱਕ ਧੋਈ ਨਾ

ਚਲ... ਕੋਈ ਨਾ।


ਸੁਣ ਮੇਰੀਆਂ ਗੱਲਾਂ ਖ਼ੁਦਾ ਵੀ ਰੋਇਆ

ਪਰ ਦੇਖ ਮੈਂ ਅਜੇ ਵੀ ਰੋਈ ਨਾ

ਚਲ...ਕੋਈ ਨਾ।


ਜਿਸ ਰਾਹੇ ਤੇਰੇ ਹਾਸੇ ਦੇਖੇ

ਮੈਂ ਉਸ ਰਾਹੇ ਮੁੜ ਖਲੋਈ ਨਾ

ਚਲ...ਕੋਈ ਨਾ।


ਮੇਰੇ ਇਸ਼ਕ ਚੀਕਾਂ ਮਾਰ ਸੁਣਾਈਆਂ

ਤੂੰ ਸੁਣੀ ਕੋਈ ਅਰਜ਼ੋਈ ਨਾ

ਚਲ...ਕੋਈ ਨਾ।


ਆਪੇ ਆਖਦਾ ਸੈਂ 'ਇਸ਼ਕ ਕੀਮਤੀ ਹੁੰਦੈ'

ਤੈਥੋਂ ਕੀਮਤੀ ਚੀਜ਼ ਵੀ ਸਾਂਭ ਹੋਈ ਨਾ

ਚਲ...ਕੋਈ ਨਾ।


ਇੱਕੋ ਸ਼ਿਕਵਾ ਲੈ ਕੇ ਬਹਿ ਗਿਆ

ਅਮਨਾ ਮੈਂ ਤੇਰੀ ਕਦੇ ਹੋਈ ਨਾ

ਚਲ...ਕੋਈ ਨਾ।


                      --ਅਮਨਦੀਪ ਸਿੰਘ

Comments

Post a Comment

Popular posts from this blog

ਪੰਜ ਤੱਤ

ਸੋਚਣ ਦਾ ਕੰਮ ਖ਼ੁਦਾ ਵੀ ਤਾਂ ਕਰ ਸਕਦੈ