Posts

ਸੋਚਣ ਦਾ ਕੰਮ ਖ਼ੁਦਾ ਵੀ ਤਾਂ ਕਰ ਸਕਦੈ

ਕਹਿੰਦੀ ਹੁਣ ਮੈਂ ਹੱਸਣਾ ਛੱਡ ਦੇਣਾ ਏ, ਮੈਂ ਕਿਹਾ, ਇਹ ਮੇਰੇ ਲਈ ਸਜ਼ਾ ਵੀ ਤਾਂ ਬਣ ਸਕਦੈ। ਕਹਿੰਦੀ ਫੇਰ ਮੈਂ ਹੋਰ ਖਿੜ ਖਿੜ ਹੱਸਿਆ ਕਰੂੰ, ਮੈਂ ਕਿਹਾ,ਇਹ ਮੇਰੇ ਖੁਸ਼ੀ ਨਾਲ ਪਾਗਲ ਹੋਣ ਦੀ ਵਜ੍ਹਾ ਵੀ ਤਾਂ ਬਣ ਸਕਦੈ। ਕਹਿੰਦੀ ਫੇਰ ਮੈਂ ਰੋਣ ਲੱਗ ਜਾਉਂ ਮੈਂ ਕਿਹਾ,ਤੇਰਾ ਰੋਣਾ ਮੇਰੇ ਦੁਖੀ ਹੋਣ ਦਾ ਗਵਾਹ ਵੀ ਤਾਂ ਬਣ ਸਕਦੈ। ਕਹਿੰਦੀ ਫੇਰ ਮੈਂ ਗੁੱਸਾ ਕਰ ਲਵਾਂ, ਮੈਂ ਕਿਹਾ,ਇਹ ਗੁੱਸਾ ਮੇਰੇ ਖੂਨ ਨੂੰ ਸਵਾਹ ਵੀ ਤਾਂ ਕਰ ਸਕਦੈ। ਕਹਿੰਦੀ ਹੁਣ ਤੋਂ ਦਿਮਾਗ ਤੋਂ ਕੰਮ ਲੈਣਾ ਏ, ਮੈਂ ਕਿਹਾ, ਦਿੱਲ ਦੀ ਸੁਣੀ, ਇਹ ਦਿਮਾਗ ਸਾਨੂੰ ਜੁਦਾ ਵੀ ਤਾਂ ਕਰ ਸਕਦੈ। ਕਹਿੰਦੀ ਫੇਰ ਕੁੱਝ ਸੋਚੇਐ ਕੀ ਕਰਨੈ? ਮੈਂ ਕਿਹਾ,ਜ਼ਿਆਦਾ ਸੋਚ ਨਾ, ਸੋਚਣ ਦਾ ਕੰਮ ਖ਼ੁਦਾ ਵੀ ਤਾਂ ਕਰ ਸਕਦੈ।                                           -- ਅਮਨਦੀਪ ਸਿੰਘ                                              (Itz_royalsardar)

ਪੰਜ ਤੱਤ

ਜਿੰਨੀ ਤੇਰੇ ਹਿੱਸੇ,ਓਨੀ ਮੇਰੇ ਹਿੱਸੇ ਦੱਸ ਹਵਾ ਏ ਕਿੱਥੇ ਵਿਕਦੀ ਏ? ਜਿਉਂਦਾ ਰੱਖਦੀ ਸਭ ਨੂੰ ਜੋ, ਜਿਉਂਦੀ ਰਹਿ ਕੇ ਵੀ ਨਾ ਦਿਖਦੀ ਏ। (ਹਵਾ ਨੂੰ ਦੇਖ ਨਹੀਂ ਸਕਦੇ) ਇਹ ਪਾਣੀ ਨੇ ਤਾਂ ਪਿਆਸ ਬੁਝਾਉਣੀ, ਕੀ ਸਤਲੁਜ ਤੇ ਕੀ ਗੰਗਾ ਦਾ, ਹਰੇਕ ਰੰਗ ਵਿੱਚ ਘੁਲ ਮਿਲ ਜਾਂਦੈ, ਇਹਨੂੰ ਸਾਥ ਨਾ ਮਿਲਿਆ ਰੰਗਾਂ ਦਾ।  (ਪਾਣੀ ਬੇਰੰਗ ਹੁੰਦੈ) ਲੱਗੀ ਅੱਗ ਜੋ ਰੋਟੀ ਸੇਕ ਦੇਂਦੀ, ਲੱਗੀ ਅੱਗ ਜੋ ਰੂਹ ਨੂੰ ਵਿਗਾੜ ਦੇਵੇ ਇਹਦਾ ਵਰਦਾਨ ਹੀ ਸ਼ਰਾਪ ਵਰਗਾ, ਜੀਹਨੂੰ ਛੂਹੇ ਸਾੜ ਦੇਵੇ।   (ਚਾਹੇ ਅੱਗ ਨਾਲ ਰੋਟੀ ਸੇਕ ਲਵੋ ਚਾਹੇ ਰੂਹ ਸਾੜ ਲਵੋ ) ਫਰੋਲਦਾ ਰਿਹਾ ਪੂਰੀ ਜ਼ਿੰਦਗੀ ਮਿੱਟੀ, ਨਾ ਮਿੱਟੀ ਵਿੱਚੋਂ ਕੁੱਝ ਲੱਭਦਾ ਏ, ਜੋ ਕਰਦਾ ਹਕੂਮਤ ਪੂਰੀ ਦੁਨੀਆ ਤੇ ਅੰਤ 2 ਗਜ਼ ਮਿੱਟੀ ਵਿੱਚ ਦੱਬਦਾ ਏ।  ( ਮਿੱਟੀ ਮੁਰਦਿਆਂ ਨੂੰ ਸਾਂਭਦੀ ਏ) ਇਹ ਆਸਮਾਨ ਕਿੰਨਾ ਕੱਲਾ ਏ, ਜ਼ਮੀਨ ਤੋਂ ਕਿੰਨਾ ਦੂਰ ਰਹਿੰਦੈ, ਜੀਹਨੂੰ ਦੇਖ ਕੇ ਲੋਕ ਰੱਬ ਯਾਦ ਕਰਦੇ, ਉਹ ਆਪ ਧੁੱਪਾਂ ਦੇ ਕੇ ਰੋ ਪੈਂਦੈ।     (ਰੋ ਪੈਂਦੈ - ਬਰਸਾਤ) ਕਿਸ ਢੰਗ ਨਾਲ ਐ ਸਿਰਜੀ ਕੁਦਰਤ? ਕਿਸ ਢੰਗ ਨਾਲ ਏ ਜਹਾਨ ਬਣਾਇਆ? ਵਰਦਾਨਾਂ ਨਾਲ ਤਾਂ ਫਰਿਸ਼ਤੇ ਬਣਦੇ, ਕਮੀਆਂ ਨੇ ਮਿਲਕੇ ਇਨਸਾਨ ਬਣਾਇਆ।   (ਇਨਸਾਨ ਗਲਤੀਆਂ ਦਾ ਪੁਤਲਾ ਹੈ।)                                        --ਅਮਨਦੀਪ ਸਿੰਘ                                          @itz_royalsardar

ਚਲ... ਕੋਈ ਨਾ

ਗੱਲ ਪੂਰੀ ਕਰਕੇ ਕਹਿੰਦਾ ਗੱਲ ਤਾਂ ਅਜੇ ਹੋਈ ਨਾ ਚਲ...ਕੋਈ ਨਾ। ਮੱਥਾ ਮੇਰਾ ਚੁੰਮ ਕੇ ਤੁਰ ਗਿਆ ਰੂਹ ਤਾਂ ਹਾਲੇ ਤੱਕ ਛੋਹੀ ਈ ਨਾ ਚਲ... ਕੋਈ ਨਾ। ਨਾਲ ਮਰਨ ਦਾ ਵਾਅਦਾ ਕਰ ਗਿਆ ਨਾਲ ਜਿਉਣ ਦੀ ਗੱਲ ਤਾਂ ਹੋਈ ਨਾ ਚਲ...ਕੋਈ ਨਾ। ਮੇਰਿਆਂ ਰੋਣਿਆਂ ਨੂੰ ਆਪਣਾ ਕਹਿ ਗਿਆ ਜੀਹਨੇ ਦੁੱਖਾਂ ਦੀ ਪੰਡ ਕਦੇ ਢੋਈ ਨਾ ਚਲ...ਕੋਈ ਨਾ। ਤੂੰ ਆਖਿਆ ਸੀ ਨਾ "ਜਿਵੇਂ ਹੈਂ ਉਵੇਂ ਰਹੀਂ" ਦੇਖ ਸਾਦਗੀ ਮੈਂ ਅਜੇ ਵੀ ਖੋਈ ਨਾ ਚਲ... ਕੋਈ ਨਾ। ਤੇਰੇ ਬੁੱਲ੍ਹਾਂ ਨਾਲ ਜੋ ਛੋਹੀ ਸੀ ਮੈਂ ਬਾਟੀ ਅੱਜ ਤੱਕ ਧੋਈ ਨਾ ਚਲ... ਕੋਈ ਨਾ। ਸੁਣ ਮੇਰੀਆਂ ਗੱਲਾਂ ਖ਼ੁਦਾ ਵੀ ਰੋਇਆ ਪਰ ਦੇਖ ਮੈਂ ਅਜੇ ਵੀ ਰੋਈ ਨਾ ਚਲ...ਕੋਈ ਨਾ। ਜਿਸ ਰਾਹੇ ਤੇਰੇ ਹਾਸੇ ਦੇਖੇ ਮੈਂ ਉਸ ਰਾਹੇ ਮੁੜ ਖਲੋਈ ਨਾ ਚਲ...ਕੋਈ ਨਾ। ਮੇਰੇ ਇਸ਼ਕ ਚੀਕਾਂ ਮਾਰ ਸੁਣਾਈਆਂ ਤੂੰ ਸੁਣੀ ਕੋਈ ਅਰਜ਼ੋਈ ਨਾ ਚਲ...ਕੋਈ ਨਾ। ਆਪੇ ਆਖਦਾ ਸੈਂ 'ਇਸ਼ਕ ਕੀਮਤੀ ਹੁੰਦੈ' ਤੈਥੋਂ ਕੀਮਤੀ ਚੀਜ਼ ਵੀ ਸਾਂਭ ਹੋਈ ਨਾ ਚਲ...ਕੋਈ ਨਾ। ਇੱਕੋ ਸ਼ਿਕਵਾ ਲੈ ਕੇ ਬਹਿ ਗਿਆ ਅਮਨਾ ਮੈਂ ਤੇਰੀ ਕਦੇ ਹੋਈ ਨਾ ਚਲ...ਕੋਈ ਨਾ।                       --ਅਮਨਦੀਪ ਸਿੰਘ